ਮੀਡੀਆ, ਮੰਡੀ, ਮਨੋਰੰਜਨ

[postlink] http://davindersinghghaloti.blogspot.com/2011/05/13.html[/postlink]
ਰਿਸ਼ਤੇਦਾਰਾਂ ਨੂੰ ਮਿਲਣ ਸੀ ਜਾਣਾਛੱਡੋ ਜੀ ਪਰਾਂਅੱਜ ਰਮਾਇਣ ਦੀ ਅਗਲੀ ਕੜੀ ਵਿਚਭਰਤ ਮਿਲਣ ਹੈ ਆਉਣਾਮੇਰੇ ਲਈ ਮੁਸ਼ਕਿਲ ਮਿਸ ਕਰਨਾ ਜਿਸ ਦਿਨ ਮੰਮੀ ਦਾ ਭੋਗ ਸੀਮੇਰੇ ਤੋਂ ਤਾਂਉਸ ਦਿਨ ਦੀ ਕਿਸ਼ਤ ਵੀ ਮਿਸ ਨਾ ਹੋਈਪਰ ਰਹੇ ਦਸ਼ਰਥ ਨੂੰ ਤੱਕ ਕੇਮੈਂ ਸੀ ਭੁੱਬਾਂ ਮਾਰ ਕੇ ਰੋਈ


ਸ਼ਾਇਰ ਧਰਮ ਕੰਮੇਆਣਾ ਦੀਆਂ ਉਕਤ ਸਤਰਾਂ ਮਨ ਮਾਨਸ 'ਤੇ ਪੈ ਰਹੇ ਮੀਡੀਆ ਦੇ ਪ੍ਰਭਾਵ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਬਿਆਨ ਕਰਦੀਆਂ ਹਨ। ਉਂਝ ਤਾਂ ਮੁੱਖ ਕਦੀਮ ਤੋਂ ਹੀ ਸੰਚਾਰ ਮਨੁੱਖ ਦੀ ਇੱਕ ਬੁਨਿਆਦੀ ਲੋੜ ਰਿਹਾ ਹੈ। ਮਨੁੱਖ ਦੀ ਇਸ ਲੋੜ ਨੂੰ ਉਸਦੀ ਸੰਚਾਰ ਭੁੱਖ ਵੀ ਕਿਹਾ ਜਾ ਸਕਦਾ ਹੈ। ਸੰਚਾਰ ਤੋਂ ਭਾਵ ਆਪਣੇ ਵਿਚਾਰ, ਦ੍ਰਿਸ਼ਟੀਕੋਣ, ਮਨੋਵੇਗ ਅਤੇ ਜਾਣਕਾਰੀ ਦਾ ਦੂਜਿਆਂ ਨਾਲ ਵਟਾਂਦਰਾ ਕਰਨਾ ਮਨੁੱਖੀ ਸਮਾਜ ਦੇ ਸਭਿਆਚਰ ਦੀ ਉਤਪਤੀ ਅਤੇ ਵਿਕਾਸ ਮਨੁੱਖ ਦੀ ਇਸ ਮੂਲ ਪ੍ਰਵਿਰਤੀ ਉਪਰ ਹੀ ਆਧਾਰਿਤ ਹੈ। ਜਿਵੇਂ ਕਿ



ਪ੍ਰਸਿੱਧ ਸਮਾਜਿਕ ਭਾਸ਼ਾ ਵਿਗਿਆਨੀ ਐਡਵਰਡ ਦੀ ਹਾਲ ਆਪਣੀ ਪੁਸਤਕ 'ਦੀ ਹਿਡਨ ਡਿਮਾਨਸ਼ਨ' ਵਿਚ ਜ਼ੋਰ ਦੇ ਕੇ ਕਹਿੰਦੇ ਹਨ ਕਿ 'ਅਸਲ ਵਿਚ ਸੰਚਾਰ ਹੀ ਸਭਿਆਚਾਰ ਹੈ।'

ਦਰਅਸਲ ਹਰ ਇਕ ਸੰਚਾਰ ਪ੍ਰਬੰਧ ਸਮੁੱਚੇ ਸਭਿਆਚਾਰ ਦਾ ਹੀ ਇੱਕ ਉਪ ਪ੍ਰਬੰਧ ਹੁੰਦਾ ਹੈ। ਹਰ ਇਕ ਸਭਿਆਚਾਰ ਦੀਆਂ ਆਪਣੀਆਂ ਵਿਸ਼ੇਸ਼ ਪ੍ਰੰਪਰਾਵਾਂ ਹੁੰਦੀਆਂ ਹਨ, ਜਿਹੜੀਆਂ ਉਸ ਵਿਚ ਵਿਕਸਤ ਹੋਣ ਵਾਲੇ ਸੰਚਾਰ ਪ੍ਰਬੰਧ ਰਾਹੀਂ ਅੱਗੇ ਟੁਰਦੀਆਂ ਅਤੇ ਵਿਕਾਸ ਕਰਦੀਆਂ ਹਨ। ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਮਨੁੱਖ ਆਪਣੇ ਆਪ ਨਾਲ ਸੰਚਾਰ ਕਰੇ ਜਾਂ ਸਮੂਹਿਕ ਪੱਧਰ ਤੇ ਅਜਿਹਾ ਕਰੇ, ਪ੍ਰੰਤੂ ਹਰ ਹਾਲ ਵਿਚ ਉਸਦਾ ਸੰਚਾਰ ਚੌਖਟਾ ਉਸ ਲਈ ਉਸਦਾ ਆਪਣਾ ਸਭਿਆਚਾਰ ਹੀ ਤੈਅ ਕਰਦਾ ਹੈ। ਸੰਚਾਰ ਪ੍ਰਬੰਧ ਨਾ ਤਾਂ ਨਾ ਆਪਣੇ ਸਭਿਆਚਾਰ ਦੀਆਂ ਸੀਮਾਵਾਂ ਤੋਂ ਬਾਹਰ ਜਾ ਸਕਦਾ ਹੈ ਅਤੇ ਨਾ ਹੀ ਉਹ ਸਭਿਆਚਰਕ ਖੱਪੇ ਵਿਚ ਕਿਰਿਆਸ਼ੀਲ ਰਹਿ ਸਕਦਾ ਹੈ।

ਮਨੋਵਿਗਿਆਨੀਆਂ ਨੇ ਮਨੁੱਖ ਦੀਆਂ ਕਈ ਮੂਲ ਪ੍ਰਵਿਰਤੀਆਂ ਮੰਨੀਆਂ ਹਨ, ਜੋ ਪ੍ਰਾਣੀ ਵਿਚ ਜਨਮ ਤੋਂ ਹੀ ਪਾਈਆਂ ਜਾਂਦੀਆਂ ਹਨ। ਪ੍ਰਸਿੱਧ ਮਨੋਵਿਗਿਆਨਕ ਮੈਕਡਿਉਲ ਨੇ ਇਨ੍ਹਾਂ ਦੀ ਗਿਣਤੀ 13 ਮੰਨੀ ਹੈ, ਜਿਹਨਾਂ ਵਿਚ ਭੁੱਖ, ਕਾਮ, ਭੋਗ, ਵਾਤਸਲ ਆਦਿ ਹਨ। ਇਹਨਾ ਤੇਰਾਂ ਵਿਚੋਂ ਹੀ ਇੱਕ ਹੈ ਜਗਿਆਸਾ, ਭਾਵ ਆਪਣੇ ਆਲੇ-ਦੁਆਲੇ ਬਾਰੇ ਸੁਚੇਤ ਰੂਪ ਵਿਚ ਜਾਣਕਾਰੀ ਪ੍ਰਾਪਤ ਕਰਨ ਦੀ ਭੁੱਖ। ਮਨੁੱਖ ਦੀ ਸੰਚਾਰ ਲੋੜ ਇਸ ਜਗਿਆਸਾ ਦੀ ਮੂਲ ਪ੍ਰਵਿਰਤੀ ਦਾ ਹੀ ਨਤੀਜਾ ਹੈ। ਸੰਚਾਰ ਦਾ ਉਦੇਸ਼ ਜਗਿਆਸਾ ਭੁੱਖ ਪੂਰੀ ਕਰਨ ਤੋਂ ਬਿਨਾਂ ਵਿਕਸਤ ਰੂਪ ਵਿਚ ਨਵੀਂ ਜਾਣਕਾਰੀ ਅਤੇ ਨਵੇਂ ਗਿਆਨ ਦਾ ਆਦਾਨ ਪ੍ਰਦਾਨ ਵੀ ਹੈ। ਅੱਜ ਸੰਚਾਰ ਵਿੱਦਿਆ ਬਹੁਤ ਹੀ ਵਿਕਸਤ ਰੂਪ ਵਿਚ ਸਾਡੇ ਸਾਹਮਣੇ ਹੈ, ਜਿਹਨਾਂ ਵਿਚੋਂ ਸਮਾਚਾਰ ਪੱਤਰ, ਰੇਡੀਓ, ਟੈਲੀਵਿਜ਼ਨ, ਇੰਟਰਨੈੱਟ, ਮੋਬਾਇਲ, ਹੋਰ ਬੇਤਾਰ ਅਤੇ ਬਿਜਲੀ ਯੰਤਰਾਂ ਨੂੰ ਅਸੀਂ ਆਧੁਨਿਕ ਸੰਚਾਰ ਸਾਧਨ ਕਹਿ ਸਕਦੇ ਹਾਂ। ਅੱਜ ਇਹ ਸਵਾਲ ਇੱਕ ਦੂਜੇ ਨਾਲ ਇਸ ਤਰ੍ਹਾਂ ਰਲਗੱਡ ਹੋ ਗਏ ਹਨ ਕਿ ਇਨ੍ਹਾਂ ਨੂੰ ਵੱਖ ਕਰਕੇ ਵੇਖਣਾ ਸੰਭਵ ਨਹੀਂ। ਅਖ਼ਬਾਰ ਨੂੰ ਇੰਟਰਨੈੱਟ ਰਾਹੀਂ ਕੰਪਿਊਟਰ 'ਤੇ ਪੜ੍ਹਿਆ ਜਾ ਸਕਦਾ ਹੈ ਅਤੇ ਰੇਡੀਓ, ਟੀ. ਵੀ. ਅਤੇ ਫਿਲਮ ਨੂੰ ਨਾ ਸਿਰਫ ਕੰਪਿਊਟਰ 'ਤੇ ਵੇਖਿਆ ਜਾ ਸਕਦਾ ਹੈ, ਸਗੋਂ ਮੋਬਾਇਲ 'ਤੇ ਵੀ ਅਜਿਹੀ ਸੁਵਿਧਾ ਉਪਲਬਧ ਹੋ ਚੁੱਕੀ ਹੈ। ਸੰਚਾਰ ਸਾਧਨਾਂ ਦੇ ਤਕਨੀਕੀ ਵਿਕਾਸ ਨੇ ਸੱਚਮੁੱਚ ਹੀ ਇਸ ਦੁਨੀਆਂ ਨੂੰ ਗਲੋਬਲ ਵਿਲੇਜ ਬਣਾ ਕੇ ਰੱਖ ਦਿੱਤਾ ਹੈ। ਵਿਸ਼ਵੀਕਰਨ ਦੀ ਪ੍ਰਕਿਰਿਆ ਨੂੰ ਕਿਰਿਆਸ਼ੀਲ ਬਣਾਉਣ ਲਈ ਸੰਚਾਰ ਸਾਧਨ ਮਹੱਤਵਪੂਰਨ ਜ਼ਰੀਆ ਹਨ। ਵਿਸ਼ਵੀਕਰਨ ਨੇ ਅੱਗੇ ਸੰਸਾਰ ਨੂੰ 'ਖੁੱਲ੍ਹੀ ਮੰਡੀ' ਦਾ ਸੰਕਲਪ ਦਿੱਤਾ ਅਤੇ ਉਪਭੋਗਤਾ ਵਾਦ ਦਾ ਬੋਲਬਾਲਾ ਹੋ ਗਿਆ।

ਉਪਭੋਗਤਾਵਾਦ ਨੇ ਕੀਆ ਹਮ ਪਰ ਐਸਾ ਵਾਰ

ਪਹਿਲੇ ਤੋ ਯਹ ਏਕ ਦੇਸ਼ ਥਾ ਅਬ ਬਣ ਗਿਆ ਬਾਜ਼ਾਰ

ਇਸ ਬਾਜ਼ਾਰ ਵਿਚ ਖ਼ਬਰ ਵੀ ਇੱਕ ਵਸਤੂ ਵਾਂਗ ਵਿਕਣ ਲੱਗੀ। ਮਨੋਰੰਜਨ ਨੇ ਇੱਕ ਵੱਡੇ ਕਾਰੋਬਾਰ ਦਾ ਰੂਪ ਧਾਰ ਲਿਆ ਹੈ। ਹਿੰਦੁਸਤਾਨ ਵਿਚ ਮੀਡੀਆ ਅਤੇ ਮਨੋਰੰਜਨ ਸਾਲ 2012 ਤੱਕ ਲੱਗਭੱਞ 18.5 ਦੀ ਵਿਕਾਸ ਦਰ ਨਾਲ 1548 ਅਰਬ ਰੁਪਏ ਤੱਕ ਪਹੁੰਚਣ ਦੀ ਉਮੀਦ ਹੈ। ਮਨੋਰੰਜਨ ਉਦਯੋਗ ਦੇ ਸਬੰਧੀ ਇੱਕ ਰਿਪੋਰਟ ਅਨੁਸਾਰ 2010 ਵਿਚ ਮੀਡੀਆ ਅਤੇ ਮਨੋਰੰਜਨ ਉਦਯੋਗ ਨੇ 19 ਫੀਸਦੀ ਦੀ ਵਿਕਾਸ ਦਰ ਨਾਲ 83140 ਕਰੋੜ ਬਿਜਨਸ ਕੀਤਾ, ਜਿਸ ਵਿਚ ਟੀ. ਵੀ. 42,700 ਕਰੋੜ, ਪ੍ਰਿੰਟ 19,900 ਕਰੋੜ, ਸਿਨੇਮਾ 15,300 ਕਰੋੜ ਅਤੇ ਮਿਊਜ਼ਿਕ 740 ਕਰੋੜ ਦੀ ਹਿੱਸੇਦਾਰੀ ਰਹੀ। ਇਨ੍ਹਾਂ ਅੰਕੜਿਆਂ ਤੋਂ ਸਪਸ਼ਟ ਸੰਕੇਤ ਮਿਲਦਾ ਹੈ ਕਿ ਭਵਿੱਖ ਵਿਚ ਵਿਗਿਆਪਨ ਉਦਯੋਗ ਦਾ ਹੋਰ ਵਿਸਥਾਰ ਹੋਵੇਗਾ। ਵਿਗਿਆਪਨ ਮਾਹਿਰਾਂ ਦੀ ਰਾਏ ਹੈ ਕਿ ਹੁਣ ਵਿਗਿਆਪਨਾਂ ਵਿਚ ਵੀ ਮਨੋਰੰਜਨ ਪਰੋਸਿਆ ਜਾਣਾ ਚਾਹੀਦਾ ਹੈ। ਗੱਲ ਕੀ ਮਾਧਿਅਮ ਕੋਈ ਵੀ ਹੋਵੇ, ਮੀਡੀਆ ਹੁਣ ਲਾਭ ਕਮਾਉਣ ਦਾ ਜ਼ਰੀਆ ਬਣ ਗਿਆ ਹੈ। ਲਾਭ ਕਮਾਉਣ ਲਈ ਪਾਠਕ/ਸਰੋਤੇ ਅਤੇ ਦਰਸ਼ਕ ਸਾਹਮਣੇ ਉਹ ਕੁਝ ਪਰੋਸਿਆ ਜਾ ਰਿਹਾ ਹੈ, ਜੋ ਵਿਕ ਸਕੇ ਅਤੇ ਬਾਜ਼ਾਰ ਦੀਆਂ ਸ਼ਰਤਾਂ ਤੇ ਪੂਰਾ ਉਤਰਦਾ ਹੋਵੇ। ਅਜਿਹੇ ਹਾਲਾਤ ਵਿਚ ਸਮਾਜਿਕ ਅਤੇ ਸਭਿਆਚਾਰਕ ਕਦਰਾਂ-ਕੀਮਤਾਂ ਨੂੰ ਅਣਗੌਲਿਆ ਕਰਨਾ ਸੁਭਾਵਿਕ ਹੈ।

ਚੈਨਲ ਨੇ ਤਾਂ ਟੀ.ਆਰ.ਪੀ. ਵੇਖਣੀ ਹੈ, ਜਿਸ ਆਧਾਰ 'ਤੇ ਉਸਨੂੰ ਇਸ਼ਤਿਹਾਰ ਮਿਲਣੇ ਹਨ। 'ਬਿਗ ਬਾਸ' ਵਿਚ ਇੱਕ ਮੁਸਲਮਾਨ ਜੋੜੇ ਦੇ ਹਨੀਮੂਨ ਦੇ ਬੈੱਡਰੂਮ ਦੇ ਸੀਨ ਨੂੰ ਕੈਮਰੇ ਦੀ ਅੱਖ ਨਾਲ ਦਰਸ਼ਕਾਂ ਦੀਆਂ ਅੱਖਾਂ ਤੱਕ ਪਹੁੰਚਾਇਆ ਜਾ ਰਿਹਾ ਹੈ ਅਤੇ ਦੋਹਰੇ ਅਰਥਾਂ ਦੇ ਸੰਵਾਦਾਂ ਨਾਲ ਲੋਕਾਂ ਦਾ ਮਨੋਰੰਜਨ ਕੀਤਾ ਜਾ ਰਿਹਾ ਹੈ। 'ਰੋਡੀਜ਼' ਵਰਗੇ ਪ੍ਰੋਗਰਾਮ ਜੋ ਕਿ ਸਾਡੇ ਨੌਜਵਾਨਾਂ ਵਿਚ ਬਹੁਤ ਹਰਮਨ ਪਿਆਰਾ ਹੈ, ਕੀ ਸੁਨੇਹਾ ਮਿਲ ਰਿਹਾ ਹੈ ਸਾਡੀ ਨੌਜਵਾਨ ਪੀੜ੍ਹੀ ਨੂੰ। ਇਸ ਦੀ ਪਰਵਾਹ ਕੌਣ ਕਰਦਾ ਹੈ। ਕਿਸ ਕਿਸਮ ਦੇ ਫਿਕਰੇ ਐਂਕਰ ਬੋਲਦੇ ਹਨ। ਲੜਕੀਆਂ ਵੱਲੋਂ ਕੱਢੀਆਂ ਨੰਗੀਆਂ ਚਿੱਟੀਆਂ ਗਾਲਾਂ ਨੂੰ 'ਬੋਲਡਨੈਸ' ਦਾ ਨਾਮ ਦੇ ਕੇ ਹੋਰਨਾਂ ਨੂੰ ਅਜਿਹੀ ਅਨੈਤਿਕ ਭਾਸ਼ਾ ਦਾ ਇਸਤੇਮਾਲ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਰੋਡੀਜ਼ ਅਤੇ ਦਾਦਾਗਿਰੀ ਵਰਗੇ ਰਿਆਲਟੀ ਸ਼ੋਆਂ ਵਿਚ ਦਿੱਤੇ ਜਾ ਰਹੇ ਟਾਸਕ ਅਤੇ ਪ੍ਰੋਗਰਾਮ ਵਿਚ ਬਣੇ ਰਹਿਣ ਲਈ ਸਿਖਾਈਆਂ ਜਾ ਰਹੀਆਂ ਚੁਸਤ ਚਲਾਕੀਆਂ ਰਾਹੀਂ ਅਸੀਂ ਕਿਸ ਕਿਸਮ ਦਾ ਮਨੋਰੰਜਨ ਕਰ ਰਹੇ ਹਾਂ। ਮੁੰਡੇ ਕੁੜੀਆਂ ਦੀ ਵਫਾ ਨੂੰ ਚੈਕ ਕਰਨ ਵਾਲੇ ਪ੍ਰੋਗਰਾਮ ਜਾਂ ਫਿਰ ਲਵ ਲੋਕ ਅੱਪ ਜਿਹੇ ਪ੍ਰੋਗਰਾਮ ਦੇਸ਼ ਦੀ ਯੁਵਾ ਪੀੜ੍ਹੀ ਨੂੰ ਕਿਹੜੀ ਦਿਸ਼ਾ ਦੇ ਰਹੇ ਹਨ। ਔਰਤਾਂ ਨਾਲ ਸਬੰਧਤ ਬਹੁਤ ਸਾਰੇ ਸੀਰੀਅਲਾਂ ਵਿਚ ਵਿਖਾਈਆਂ ਜਾ ਰਹੀਆਂ ਔਰਤਾਂ ਸੀਤਾ ਦੇ ਦੇਸ਼ ਦੀਆਂ ਤਾਂ ਉੱਕਾ ਹੀ ਨਹੀਂ ਲੱਗਦੀਆਂ। ਪਤੀ ਨਾਲ ਬੇਵਫਾਈ ਕਰਕੇ ਇਕੋ ਸਮੇਂ ਕਈ ਕਈ ਰਿਸ਼ਤੇ ਪਾਲਣਾ ਸਿਖਾ ਕੇ ਕਿਸ ਕਿਸਮ ਦੀ ਸਿੱਖਿਆ ਦਿੱਤੀ ਜਾ ਰਹੀ ਹੈ ਇਸ ਦੇਸ਼ ਦੀ ਨਾਰੀ ਨੂੰ। ਘਟੀਆ ਅਤੇ ਦੋਹਰੇ ਅਰਥਾਂ ਵਾਲੇ ਚੁਟਕਲੇ ਸੁਣਾ ਕੇ ਦਰਸ਼ਕਾਂ ਨੂੰ ਹਸਾਇਆ ਜਾ ਰਿਹਾ ਹੈ। ਰਾਖੀ ਅਤੇ ਰਾਹੁਲ ਮਹਾਜਨ ਵਰਗਿਆਂ ਨੂੰ ਲੈ ਕੇ ਛੋਟੇ ਪਰਦੇ ਤੇ ਵਿਆਹ ਰਚਾਏ ਜਾ ਰਹੇ ਹਨ। ਕੀ ਸਾਡੇ ਦੇਸ਼ ਦੀ ਸੰਸਕ੍ਰਿਤੀ ਵਿਚ ਕੁੜੀਆਂ ਵਿਆਹ ਕਰਵਾਉਣ ਲਈ ਇਸ ਤਰ੍ਹਾਂ ਬੇਸ਼ਰਮੀ ਦੀ ਹੱਦ ਤੱਕ ਜਾਂਦੀਆਂ ਹਨ। ਇੱਥੇ ਤਾਂ ਸ਼ਰਮ ਹਯਾ ਨੂੰ ਔਰਤ ਦਾ ਗਹਿਣਾ ਮੰਨਿਆ ਜਾਂਦਾ ਹੈ।

ਸੰਗੀਤ ਵਿਖਾਉਣ ਵਾਲੇ ਚੈਨਲ ਵੀ ਕਿਸੇ ਤੋਂ ਪਿੱਛੇ ਨਹੀਂ। ਕਾਮ ਉਕਸਾਊ ਨ੍ਰਿਤ ਅਤੇ ਸੈਕਸ ਭਰਪੂਰ ਗਾਣੇ ਖੂਬ ਪੈਸਾ ਬਟੋਰ ਰਹੇ ਹਨ। 'ਮੁੰਨੀ ਬਦਨਾਮ' ਹੋਵੇ ਜਾਂ ਫਿਰ 'ਸ਼ੀਲਾ' ਆਪਣੀ ਜਵਾਨੀ ਲੁਟਾ ਦੇਵੇ, ਚੈਨਲ ਨੇ ਤਾਂ ਦਰਸ਼ਕ ਨੂੰ ਖੁਸ਼ ਕਰਨਾ ਹੈ। ਪੰਜਾਬੀ ਚੈਨਲ ਵੀ ਅਜਿਹੇ ਗਾਣਿਆਂ ਨੂੰ ਉਤਸ਼ਾਹਿਤ ਕਰ ਰਹੇ ਹਨ ਜੋ ਕਿਸੇ ਵੀ ਤਰ੍ਹਾਂ ਉਚਿਤ ਨਹੀਂ ਠਹਿਰਾਏ ਜਾ ਸਕਦੇ। 'ਮੁੱਕਗੀ ਫੀਮ ਡੱਬੀ 'ਚੋਂ ਯਾਰੋ, ਕੋਈ ਅਮਲੀ ਦਾ ਡੰਗ ਸਾਰੋ' ਕਿਸ ਚੀਜ਼ ਦਾ ਸਮਰਥਨ ਕੀਤਾ ਜਾ ਰਿਹਾ ਹੈ। ਪੰਜਾਬ ਤਾਂ ਪਹਿਲਾਂ ਹੀ ਨਸ਼ਿਆਂ ਦੀ ਮਾਰ ਹੇਠ ਆ ਚੁੱਕਾ ਹੈ। 'ਬਠਿੰਡੇ ਵਾਲੇ ਰਫਲਾਂ ਰੱਖਣ ਦੇ ਸ਼ੌਂਕੀ' ਜਾਂ 'ਕਚਹਿਰੀਆਂ 'ਚ ਮੇਲੇ ਲੱਗਦੇ' ਜਾਂ 'ਤੈਨੂੰ ਹਿੱਕ ਦੇ ਜ਼ੋਰ 'ਤੇ ਲੈ ਜਾਣਾ'। ਇਹਨਾਂ ਨੂੰ ਕੋਈ ਪੁੱਛੇ ਕੋਈ ਅਕਲ ਵਾਲੀ ਗੱਲ ਨਹੀਂ ਸਿਖਾਉਣੀ ਪੰਜਾਬੀਆਂ ਨੂੰ। ਗੁਰੂਆਂ ਦੀ ਇਸ ਧਰਤੀ 'ਤੇ ਸਾਡੇ ਗਾਇਕਾਂ ਨੇ ਜਿੰਨਾ ਜ਼ਾਤ ਪਾਤ ਨੂੰ ਉਤਸ਼ਾਹਿਤ ਕੀਤਾ ਹੈ, ਸ਼ਾਇਦ ਉਨਾ ਕਿਸੇ ਹੋਰ ਮਾਧਿਅਮ ਨੇ ਨਹੀਂ। ਮੁੰਡੇ ਜੱਟਾਂ ਦੇ ਤੋਂ ਬਾਅਦ ਮੁੰਡੇ ਸੈਣੀਆਂ ਦੇ ਅਤੇ ਫਿਰ ਅਸੀਂ ਅਣਖੀ ਪੁੱਤ ਫਲਾਣਿਆਂ ਦੇ। ਕਿਸ ਪਾਸੇ ਨੂੰ ਤੋਰ ਰਹੇ ਹਾਂ ਅਸੀਂ ਆਪਣੇ ਸਭਿਆਚਾਰ ਨੂੰ। ਕੀ ਜੱਟ, ਗੰਡਾਸਾ, ਕਚਹਿਰੀ, ਰਫਲਾਂ, ਅਫੀਮ ਅਤੇ ਦੇਸੀ ਦਾਰੂ ਹੀ ਸਾਡਾ ਸਭਿਆਚਾਰ ਹੈ। ਸਭਿਆਚਾਰ ਨਾਲੋਂ ਮੰਡੀ ਸਭਿਆਚਾਰ ਵਧੇਰੇ ਮਹੱਤਵਪੂਰਨ ਹੋ ਰਿਹਾ ਹੈ। ਮੀਡੀਆ, ਮੰਡੀ ਅਤੇ ਮਿਊਜ਼ਿਕ ਆਪਸ ਵਿਚ ਰਲਗੱਡ ਹੋ ਰਹੇ ਹਨ।

ਨਿਊਜ਼ ਚੈਨਲ ਵੀ ਮਨੋਰੰਜਨ ਚੈਨਲਾਂ ਦੇ ਪਦਚਿੰਨਾਂ ਤੇ ਚੱਲ ਰਹੇ ਹਨ। ਖ਼ਬਰਾਂ ਦੀ ਪ੍ਰਸਤੂਤੀ ਜ਼ਿਆਦਾ ਤੋਂ ਜ਼ਿਆਦਾ ਨਾਟਕੀ ਅਤੇ ਮਨੋਰੰਜਕ ਬਣਾਉਣ ਤੇ ਜ਼ੋਰ ਦਿੰਦੀ ਹੈ। ਅਜਿਹੇ ਹਾਲਾਤ ਵਿਚ ਉਸ ਜਾਣਕਾਰੀ ਦਾ ਕੀ ਹੋਵੇਗਾ, ਜਿਸਦੇ ਇੰਤਜ਼ਾਰ ਵਿਚ ਦਰਸ਼ਕ ਨਿਊਜ਼ ਚੈਨਲ ਅੱਗੇ ਬੈਠਾ ਹੈ। ਸੂਚਨਾ ਅਤੇ ਸੰਚਾਰ ਉਪਰ ਮਨੋਰੰਜਨ ਭਾਰੂ ਹੋ ਗਿਆ ਹੈ। ਖ਼ਬਰ ਦਾ ਵੀ ਨਾਟਕੀ ਰੂਪ ਪੇਸ਼ ਕੀਤਾ ਜਾ ਰਿਹਾ ਹੈ। ਖ਼ਬਰ ਸਹਿਮ ਜਾਂਦੀ ਹੈ। ਨਿਊਜ਼ ਐਂਕਰ ਟੀ. ਵੀ. ਸਕਰੀਨ ਤੇ ਖ਼ਬਰ ਨੂੰ ਇਸ ਤਰ੍ਹਾਂ ਪੇਸ ਕਰਦਾ ਹੈ ਅਤੇ ਦੱਸਦਾ ਹੈ ਕਿ ਤੁਸੀਂ ਖ਼ਬਰ ਨੂੰ ਕਿਸ ਨਜ਼ਰ ਨਾਲ ਦੇਖੋਗੇ। ਖ਼ਬਰ ਵੇਖ ਕੇ ਨਜ਼ਰੀਆ ਬਣਾਉਣ ਦਾ ਹੱਕ ਦਰਸ਼ਕ ਦਾ ਹੋਣਾ ਚਾਹੀਦਾ ਹੈ। ਤੁਸੀਂ ਕਿਸ ਖ਼ਬਰ ਨੂੰ ਕਿਹੜੇ ਨਜ਼ਰੀਏ ਨਾਲ ਵੇਖਣਾ ਹੈ, ਇਹ ਦੱਸਣ ਲਈ ਸੁੰਦਰ ਚਿਹਰੇ ਸਕਰੀਨ ਤੇ ਹਾਜ਼ਰ ਹਨ ਜੋ ਤੁਹਾਨੂੰ ਆਪਣੀ ਖ਼ਬਰ ਨਾਲ ਵਹਾ ਕੇ ਲੈ ਜਾਂਦੇ ਹਨ। ਬਿਨ ਲਾਦੇਨ ਦੀ ਮੌਤ ਦੀ ਖ਼ਬਰ ਬਾਰੇ ਅਸੀਂ ਉਨਾ ਹੀ ਵੇਖਿਆ ਜਿੰਨਾ ਅਮਰੀਕਾ ਨੇ ਵਿਖਾਇਆ ਅਤੇ ਸਾਰੇ ਵਿਸ਼ਵ ਨੇ ਉਹ ਖ਼ਬਰ ਓਬਾਮਾ ਦੀ ਨਜ਼ਰ ਨਾਲ ਵੇਖੀ। ਇਸ ਤਰ੍ਹਾਂ ਭਾਰਤ ਵਿਚ ਬਹੁਤ ਸਾਰੀਆਂ ਖ਼ਬਰਾਂ ਕਿਸੇ ਖਾਸ ਸਿਆਸੀ ਪਾਰਟੀ ਦੇ ਨਜ਼ਰੀਏ ਤੋਂ ਹੀ ਪੇਸ਼ ਕੀਤੀਆਂ ਜਾ ਰਹੀਆਂ ਹਨ। ਹਰ ਛੋਟੀ ਵੱਡੀ ਖ਼ਬਰ ਕਿਵੇਂ ਬ੍ਰੇਕਿੰਗ ਹੋ ਸਕਦੀ ਹੈ, ਇਹ ਸੋਚਣਾ ਵੀ ਦਿਲਚਸਪ ਹੈ। ਖ਼ਬਰ ਵੀ ਫਾਰਮੂਲਾ ਫਿਲਮ ਵਾਂਗ ਬਣਦੀ ਜਾ ਰਹੀ ਹੈ। ਅਪਰਾਧ, ਸੈਕਸ, ਮਨੋਰੰਜਨ ਨਾਲ ਜੁੜੀਆਂ ਖ਼ਬਰਾਂ ਨਿਊਜ਼ ਚੈਨਲਾਂ ਦਾ ਅਜ਼ਮਾਇਆ ਹੋਇਆ ਫੰਡਾ ਹੈ। ਖ਼ਬਰ ਸੁਣਾਉਣ ਲੲ ਤਰ੍ਹਾਂ ਤਰ੍ਹਾਂ ਦੇ ਹੱਥਕੰਡੇ ਵਰਤੇ ਜਾ ਰਹੇ ਹਨ। 'ਸੌਣਾ ਹੈ ਤਾਂ ਜਾਗ ਜਾਓ' ਵਰਗੇ। ਖ਼ਬਰਾਂ ਸੁਣਾਉਣ ਲਈ ਸੰਗੀਤ ਅਤੇ ਆਵਾਜ਼ ਦੇ ਪ੍ਰਭਾਵਾਂ ਦੀ ਲੋੜ ਪੈ ਰਹੀ ਹੈ। ਬਾਜ਼ਾਰ ਵਿਚ ਟਿਕੇ ਰਹਿਣ ਲਈ ਇਹ ਜ਼ਰੂਰੀ ਹੈ। ਸ਼ਾਇਦ ਇਸੇ ਲਈ ਲੋਕਾਂ ਦਾ ਏਜੰਡਾ ਮਨਫੀ ਹੈ। ਫਿਲਮ 'ਪਿਪਲੀ ਲਾਈਫ' ਵਿਚ ਦਿਖਾਈ ਕਹਾਣੀ ਸੱਚੀ ਹੈ। ਟੀ. ਵੀ. ਨੂੰ ਤਾਲਾਸ਼ ਹੈ ਅਜਿਹੀ ਸਟੋਰੀ ਦੀ, ਜਿਹੜੀ ਉਸਦੀ ਟੀ. ਆਰ. ਪੀ. ਨੂੰ ਸਭ ਤੋਂ ਉਪਰ ਲੈ ਜਾਵੇ। ਦਰਸ਼ਕ ਨੂੰ ਭੜਕਾ ਕੇ ਬਹੁਤੇ ਸਮਾਚਾਰ ਚੈਨਲਾਂ ਦਾ ਮਨੋਰੰਜਨ ਵਿਕ ਰਿਹਾ ਹੈ। ਅੰਧ ਵਿਸ਼ਵਾਸ ਵਿਕ ਰਿਹਾ ਹੈ। ਹਰ ਹਿੰਦੀ ਚੈਨਲ ਤੇ ਪੰਡਤ ਜੀ ਬੈਠੇ ਰਾਸ਼ੀਫਲ ਦੱਸਦੇ ਜਾਂ ਕੁੰਡਲੀ ਮਿਲਾਉਂਦੇ ਹਨ। ਅੱਜ ਨਿਊਜ਼ ਚੈਨਲ ਅਤੇ ਮਨੋਰੰਜਨ ਚੈਨਲਾਂ ਵਿਚ ਫਰਕ ਖ਼ਤਮ ਹੋ ਰਿਹਾ ਹੈ।

ਅੱਜ ਭਾਵੇਂ ਮੀਡੀਆ ਤਕਨਾਲੌਜੀ ਵਿਚ ਬੜੀ ਤੇਜ਼ੀ ਨਾਲ ਬਦਲਾਅ ਆ ਰਹੇ ਹਨ ਅਤੇ ਜਾਣਕਾਰੀ ਲਈ ਇੰਟਰਨੈਟ ਸਭ ਤੋਂ ਸ਼ਕਤੀਸ਼ਾਲੀ ਮਾਧਿਅਮ ਦੇ ਤੌਰ ਤੇ ਉਭਰਿਆ ਹੈ ਪਰ ਮਨੋਰੰਜਨ ਲਈ ਟੀ. ਵੀ. ਹੀ ਸਰਬ ਪ੍ਰਮਾਣਿਤ ਮਾਧਿਅਮ ਹੈ। ਤਕਨੀਕ ਦੇ ਨਾਲ ਮੋਬਾਇਲ ਵੀ ਉਨਾ ਹੀ ਸ਼ਕਤੀਸ਼ਾਲੀ ਹੈ ਪਰ ਸਮੇਂ ਦਾ ਸੱਚ ਤਾਂ ਇਹੀ ਹੈ ਕਿ ਅਜੇ ਟੀ. ਵੀ. ਹੀ ਮਨੋਰੰਜਨ ਅਤੇ ਜਾਣਕਾਰੀ ਨੂੰ ਘਰ ਘਰ ਪਹੁੰਚਾ ਰਿਹਾ ਹੈ। ਟੀ. ਵੀ. ਦੀ ਸਫਲਤਾ ਦਾ ਇਕ ਹੋਰ ਆਧਾਰ ਇਸਦੇ ਵਿਗਿਆਪਨ ਹਨ ਅਤੇ ਅੱਜ ਵਿਗਿਆਪਨ ਨੂੰ ਵੀ ਮਨੋਰੰਜਨ ਦੇ ਮਸਾਲੇ ਵਿਚ ਭੁੰਨ ਕੇ ਪੇਸ਼ ਕੀਤਾ ਜਾ ਰਿਹਾ ਹੈ। ਕਈ ਵਾਰ ਤਾਂ ਪੰਜ ਸਕਿੰਟ ਦਾ ਇਸ਼ਤਿਹਾਰ ਮਨੋਰੰਜਨ ਦੇ ਮਾਮਲੇ ਵਿਚ ਤਿੰਨ ਘੰਟੇ ਦੀ ਫਿਲਮ ਬਣਾ ਜਾਂਦੀ ਹੈ। ਅੱਜ ਵਿਗਿਆਪਨ ਨੂੰ ਮਨੋਰੰਜਕ ਬਣਾਉਣ ਲਈ ਤਰ੍ਹਾਂ ਤਰ੍ਹਾਂ ਦੇ ਨੁਸਖੇ ਅਤੇ ਤਕਨੀਕਾਂ ਅਪਣਾਈਆਂ ਜਾ ਰਹੀਆਂ ਹਨ। ਅਮਿਤਾਬ ਬਚਨ ਫਿਲਮਾਂ ਤੋਂ ਬਾਅਦ ਹੁਣ ਵਿਗਿਆਪਨਾਂ ਵਿਚ ਛਾਏ ਹੋਏ ਹਨ। ਉਹ ਨਵਰਤਨ ਤੇਲ ਵੇਚਦੇ ਹੋਏ ਅਤੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਉਂਦੇ ਨਜ਼ਰੀ ਪੈਂਦੇ ਹਨ। ਸ਼ਾਹਰੁਖ ਖਾਨ, ਸਲਮਾਨ ਖਾਨ, ਸਚਿਨ ਤੇਂਦੂਲਕਰ, ਧੋਨੀ ਆਦਿ ਸਿਰਫ ਵਸਤਾਂ ਦੀ ਇਸ਼ਤਿਹਾਰਬਾਜ਼ੀ ਨਹੀਂ ਕਰਦੇ ਬਲਕਿ ਲੋਕਾਂ ਦਾ ਮਨੋਰੰਜਨ ਵੀ ਕਰਦੇ ਹਨ। ਹੱਚ ਦੀ ਐਡ ਕਰ ਰਹੇ ਕੁੱਤੇ ਹੁਣ ਹਚ ਡਾਗ ਦੇ ਨਾਮ ਨਾਲ ਜਾਣੇ ਜਾਣ ਲੱਗੇ। ਅੱਜ ਨਾਰੀ ਅਤੇ ਬੱਚਿਆਂ ਆਧਾਰਿਤ ਵਿਗਿਆਪਨ ਜ਼ਿਆਦਾ ਬਣਾਏ ਜਾ ਰਹੇ ਹਨ। ਇਕ ਅਧਿਐਨ ਅਨੁਸਾਰ ਅੱਠ ਤੋਂ ਪੰਦਰਾਂ ਸਾਲ ਦੇ 75 ਫੀਸਦੀ ਬੱਚੇ ਟੈਲੀਵਿਜ਼ਨ ਵਿਗਿਆਪਨਾਂ ਵਿਚ ਦਿਖਾਏ ਜਾ ਰਹੇ ਉਤਪਾਦਾਂ ਨੂੰ ਖ਼ਰੀਦਣਾ ਪਸੰਦ ਕਰਦੇ ਹਨ ਅੱਜ ਕਈ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਕੰਪਨੀਆਂ ਬੱਚਿਆਂ ਨੂੰ ਧਿਆਨ ਵਿਚ ਰੱਖ ਕੇ ਆਪਣੇ ਉਤਪਾਦ ਬਣਾ ਰਹੀਆਂ ਹਨ। ਬੱਚਿਆਂ ਦੇ ਕਾਰਟੂਨਾਂ ਦੇ ਪਸੰਦੀਦਾ ਪਾਤਰ ਇਹਨਾਂ ਵਸਤੂਆਂ ਦੀ ਇਸ਼ਤਿਹਾਰਬਾਜ਼ੀ ਕਰਦੇ ਨਜ਼ਰੀ ਪੈਂਦੇ ਹਨ। ਇਹਨਾਂ ਪਾਤਰਾਂ ਨੂੰ ਵੇਖ ਕੇ ਬੱਚਿਆਂ ਵਿਚ ਵਸਤੂਆਂ ਨੂੰ ਖਰੀਦਣ ਦੀ ਦੌੜ ਲੱਗ ਪੈਂਦੀ ਹੈ। ਕਮਾਲ ਤਾਂ ਇਹ ਕਿ ਖਰੀਦਦਾਰੀ ਵਸਤੂ ਦੇ ਗੁਣ ਜਾਂ ਜ਼ਰੂਰਤ ਵੇਖ ਕੇ ਨਹੀਂ ਕੀਤੀ ਜਾਂਦੀ, ਸਗੋਂ ਇਹ ਤਾਂ ਵਿਗਿਆਪਨ ਵਿਚਲੇ ਮਨੋਰੰਜਨ ਦੀ ਕਮਾਲ ਹੁੰਦੀ ਹੈ। ਅੱਜ ਵਿਗਿਆਪਨਾਂ ਦਾ ਵੱਧ ਰਿਹਾ ਮਾਇਆ ਜਾਲ ਅਤੇ ਉਸ ਵਿਚਲਾ ਮਨੋਰੰਜਨ ਵੀ ਇਸ ਖੁੱਲ੍ਹੀ ਮੰਡੀ ਦੀ ਦੇਣ ਹੈ।

ਮਨੋਰੰਜਨ ਨੇ ਭਾਰਤੀ ਟੀ. ਵੀ. ਦੀ ਝੋਲੀ ਰੁਪਿਆਂ ਨਾਲ ਡੱਕੋ-ਡੱਕ ਭਰ ਦਿੱਤੀ ਹੈ। ਫਿਕੀ ਅਤੇ ਕੇ. ਪੀ. ਐਸ. ਜੀ. ਨੇ ਆਪਣੀ ਰਿਪੋਰਟ ਵਿਚ ਲਿਖਿਆ ਸੀ ਕਿ 2009 ਤੋਂ 2013 ਤੱਕ ਭਾਰਤੀ ਟੀ. ਵੀ. ਉਦਯੋਗ ਵਿਚ 14.5 ਤੱਕ ਦਾ ਉਛਾਲ ਆਉਣਾ ਨਿਸਚਿਤ ਹੈ। 2013 ਤੱਕ ਇਕੱਲਾ ਟੀ. ਵੀ. ਕੁੱਲ ਵਿਗਿਆਪਨ ਉਦਯੋਗ ਦਾ 41 ਪ੍ਰਤੀਸ਼ਤ ਹਿੱਸਾ ਆਪਣੀ ਝੋਲੀ ਵਿਚ ਪਾਉਣ ਦੇ ਸਮਰੱਥ ਹੋ ਜਾਵੇਗਾ। ਇਹ ਰਿਪੋਰਟ ਭਾਵੇਂ ਸਹੀ ਜਾਪਦੀ ਹੈ ਪਰ ਇਸ ਨਾਲ ਕਈ ਸਵਾਲ ਸਾਡੇ ਸਾਹਮਣੇ ਖੜ੍ਹੇ ਹਨ ਕਿ ਕੀ ਟੀ. ਵੀ. ਪਿੰਡਾਂ ਵਿਚ ਰਹਿਣ ਵਾਲੇ 75 ਫੀਸਦੀ ਤੋਂ ਵੱਧ ਭਾਰਤੀਆਂ ਦੀ ਵੀ ਕਦੇ ਬਾਤ ਪਾਏਗਾ। ਕੀ ਆਮ ਆਦਮੀ ਟੀ. ਵੀ. ਵਿਚ ਹਮੇਸ਼ਾ ਵਾਂਗ ਮਨਫੀ ਰਹੇਗਾ। ਸਮਾਜ ਦੇ ਸਮਾਜਿਕ ਸਰੋਕਾਰਾਂ ਦੀ ਗੱਲ ਕੌਣ ਕਰੇਗਾ? ਕੀ ਸਮਾਜ ਅਤੇ ਸਭਿਆਚਾਰਕ ਕਦਰਾਂ ਕੀਮਤਾਂ ਇਸ ਮਨੋਰੰਜਨ ਦੀ ਹਨੇਰੀ ਦੇ ਸਾਹਮਣੇ ਟਿਕ ਸਕਣਗੀਆਂ। ਖ਼ਬਰਾਂ ਦਾ ਸੱਚ ਜਾਂ ਸੱਚੀ ਖ਼ਬਰ ਕੌਣ ਦਿਖਾਏਗਾ। ਕੀ ਹੁਣ ਵੀ ਦਰਸ਼ਕ ਕਹਿ ਸਕੇਗਾ:

ਹਮਾਰੇ ਪਾਸ ਬਸ ਏਕ ਨਜ਼ਰ ਹੀ ਤੋ ਹੈ

Share this article :

Post a Comment

 
Support : Creating Website | Johny Template | Mas Template
Copyright © 2011. Davinder Singh Ghaloti - All Rights Reserved
Template Created by Creating Website Published by Mas Template
Proudly powered by Blogger