'ਵਿਆਹ' ਇਨਸਾਨ ਦੀ ਜ਼ਿੰਦਗੀ ਵਿਚ ਬੜੀ ਖੁਸ਼ੀ ਦਾ ਮੌਕਾ ਬਣ ਕੇ ਆਉਂਦਾ

[postlink] http://davindersinghghaloti.blogspot.com/2011/05/blog-post_6431.html[/postlink]
'ਵਿਆਹ' ਇਨਸਾਨ ਦੀ ਜ਼ਿੰਦਗੀ ਵਿਚ ਬੜੀ ਖੁਸ਼ੀ ਦਾ ਮੌਕਾ ਬਣ ਕੇ ਆਉਂਦਾ ਹੈ ਪਰ ਜੇ ਇਸ ਨੂੰ ਠੀਕ ਢੰਗ ਨਾਲ ਭੁਗਤਾਇਆ ਜਾਵੇ। ਦੋਵੇਂ ਧਿਰਾਂ ਜੇ ਸਹੀ ਢੰਗ ਨਾਲ ਚੱਲਣ ਤਾਂ ਵਿਆਹ ਦਾ ਅਨੰਦ ਉਸੇ ਦਿਨ ਤੋਂ ਸ਼ੁਰੂ ਹੋ ਜਾਂਦਾ ਹੈ ਜਿਸ ਦਿਨ ਮੁਢਲੀ ਗੱਲਬਾਤ ਹੁੰਦੀ ਹੈ। ਕਦੀ ਉਧਰੋਂ ਕੋਈ ਆਇਆ, ਕਦੀ ਇਧਰੋਂ ਕੋਈ ਗਿਆ, ਕਦੇ ਕੋਈ ਟੈਲੀਫੋਨ, ਕਦੀ ਕੋਈ ਚਿੱਠੀ ਚੁਪੱਟੀ, ਕਦੀ ਵਿਚੋਲਣ ਦਾ ਗੇੜਾ। ਜੇਕਰ ਸਿੱਧਾ ਸੁਨੇਹਾ ਆਉਣ-ਜਾਣ ਲੱਗ ਪਵੇ ਤਾਂ ਫਿਰ ਕਿਆ ਬਾਤ। ਹਾਂ, ਪਰ ਇਸ ਗੱਲਬਾਤ ਵਿਚ ਜੇਕਰ ਦਾਜ-ਦਹੇਜ ਦੇ ਲੈਣ-ਦੇਣ ਜਾਂ ਫਿਰ ਕਿਸੇ ਵੀ ਗੱਲੋਂ ਕਿਸੇ ਧਿਰ ਦਾ ਭਾਂਡਾ ਤਿੜਕ ਜਾਵੇ ਤਾਂ ਉਸੇ ਦਿਨ
 ਤੋਂ ਹੀ ਇਸ ਅਨੰਦ ਦੀ ਹਾਂਡੀ ਵਿਚੋਂ ਮਿਠਾਸ ਵਾਲਾ ਰਸ ਚੋਅ ਜਾਂਦਾ ਹੈ। ਮੂੰਹੋਂ ਮੰਗ ਕੇ ਦਾਜ ਲਿਆ, ਲੜਕੀ ਦੇ ਮਾਂ-ਬਾਪ ਦੇ ਗਲ ਵਿਚ ਅੰਗੂਠਾ ਦੇ ਕੇ ਕਾਰ ਲਈ, ਕੋਠੀ ਮੰਗੀ, ਏ. ਸੀ. ਤੇ ਹੋਰ ਕੀਮਤੀ ਸਮਾਨ ਲਿਆ, ਵਿਆਹ ਤੋਂ ਪਹਿਲਾਂ ਕਈ ਵਾਰ ਰੁੱਸੇ
ਅਤੇ ਕਈ ਵਾਰ ਮਨਾਏ ਗਏ ਅਤੇ ਵਿਆਹ ਤੋਂ ਬਾਅਦ ਇਹ ਆਸ ਕਰਨਾ ਕਿ ਨੂੰਹ ਆਪਣੇ ਸਹੁਰੇ ਘਰ ਦੀ ਸੁੱਖ ਮੰਗੇ, ਸੱਸ-ਸਹੁਰੇ ਨੂੰ ਮਾਈ-ਬਾਪ ਸਮਝੇ ਅਤੇ ਪਤੀ ਦੀ ਸਵਿੱਤਰੀ ਬਣ ਕੇ ਰਹੇ, ਪਰ ਕਿਉਂ? ਵਿਆਹ ਤੋਂ ਪਹਿਲਾਂ ਦੀਆਂ ਉੱਚੀਆਂ-ਨੀਵੀਆਂ ਦਾ ਕੁਸੈਲਾ ਅਸਰ ਚਿਹਰੇ ਦੀਆਂ ਝੁਰੜੀਆਂ ਵਾਂਗ ਦਿਨੋ-ਦਿਨ ਵਧਦਾ ਹੈ। ਡਰੀ ਹੋਈ ਵੱਛੀ ਵਾਂਗ ਦੁਲਹਨ ਜਦ ਉਸ ਮਾਹੌਲ ਵਿਚ ਆਪਣਾ ਪਹਿਲਾ ਪੈਰ ਰੱਖਦੀ ਹੈ ਤਾਂ ਭਰੇ ਭਰਾਏ ਘਰ ਵਿਚ ਵੀ ਉਹ ਇਕੱਲਾ ਮਹਿਸੂਸ ਕਰਦੀ ਹੈ, ਆਪਣੇ ਪਰਛਾਵੇਂ ਤੋਂ ਵੀ ਡਰ ਲਗਦਾ ਹੈ ਉਸ ਨੂੰ, ਹਰ ਕਿਸੇ ਦੇ ਕਿਰਦਾਰ 'ਤੇ ਸ਼ੱਕ ਕਰਦੀ ਹੈ, ਮਾਂ-ਬਾਪ ਨੂੰ ਟੈਲੀਫੋਨ ਵੀ ਚੋਰੀ-ਚੋਰੀ, ਹੌਲੀ-ਹੌਲੀ, ਪੱਖਾ ਤੱਕ ਚਲਾਉਣ ਦੀ ਹਿੰਮਤ ਨਹੀਂ ਕਰਦੀ। ਉਸ ਦੇ ਮਾਂ-ਬਾਪ ਵੀ ਉਸ ਦੇ ਸਹੁਰੇ ਘਰ ਆਉਣ ਤੋਂ ਕਤਰਾਉਂਦੇ ਹਨ। ਇਸ ਦੇ ਜਵਾਬ ਵਿਚ ਬਹੁਤੇ ਲੋਕਾਂ ਦਾ ਕਹਿਣਾ ਹੈ ਕਿ ਸਾਡਾ ਸਮਾਜ ਮਰਦ ਪ੍ਰਧਾਨ ਸਮਾਜ ਹੈ। ਲੜਕੀ ਵਾਲਿਆਂ ਵੱਲੋਂ ਦਿੱਤਾ ਦਾਜ ਦਹੇਜ ਜਾਂ ਪੈਸਾ ਧੇਲਾ ਲੜਕੇ ਦੇ ਕੰਮਕਾਜ ਵਿਚ ਮਦਦਗਾਰ ਬਣਦਾ ਹੈ ਅਤੇ ਇਸ ਬਹਾਨੇ ਘਰ ਦਾ ਸਮਾਨ ਵੀ ਬਣ ਜਾਂਦਾ ਹੈ। ਲੜਕੀ ਨੂੰ ਦਾਜ ਵਿਚ ਮਿਲੇ ਬਿਸਤਰੇ, ਕੱਪੜੇ, ਭਾਂਡੇ ਉਹ ਲੋੜ ਪੈਣ 'ਤੇ ਕੱਢ ਕੇ ਵਰਤ ਸਕਦੀ ਹੈ। ਕਿੰਨਾ ਨਾਂਹ-ਪੱਖੀ ਹੈ ਇਹ ਵਿਚਾਰ। ਇਕ ਪਾਸੇ ਤਾਂ ਇਹ ਕਿਹਾ ਜਾਂਦਾ ਹੈ ਕਿ ਸਮਾਜ ਮਰਦ ਪ੍ਰਧਾਨ ਹੈ ਅਤੇ ਦੂਜੇ ਪਾਸੇ ਇਹ ਕਿ ਲੜਕੀ ਵੱਲੋਂ ਲਿਆਂਦੀ ਮਾਲੀ ਇਮਦਾਦ ਨਾਲ ਉਹ ਆਪਣਾ ਕਾਰੋਬਾਰ ਸੰਵਾਰ ਸਕਦਾ ਹੈ। ਮਰਦ ਪ੍ਰਧਾਨ ਸਮਾਜ ਦਾ 'ਮਰਦ' ਜੇਕਰ ਆਪਣੇ ਕਾਰੋਬਾਰ ਵਿਚ ਅਜੇ ਅਧੂਰਾ ਹੈ, ਪਤਨੀ ਨੂੰ ਆਪਣੀ ਕਮਾਈ ਵਿਚੋਂ ਰੋਟੀ ਨਹੀਂ ਦੇ ਸਕਦਾ, ਰਹਿਣ ਲਈ ਘਰ ਨਹੀਂ ਦੇ ਸਕਦਾ, ਆਪਣੇ ਬਲਬੂਤੇ ਉਸ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਕਰ ਸਕਦਾ ਤਾਂ ਬੱਲੇ ਓਏ ਪ੍ਰਧਾਨਾਂ, ਕਾਹਲੀ ਕਾਹਦੀ ਹੈ ਤੈਨੂੰ ਵਿਆਹ ਕਰਵਾਉਣ ਦੀ? ਪਤਨੀ ਜਾਂ ਪਤਨੀ ਦੇ ਮਾਪਿਆਂ ਦੀ ਜਾਇਦਾਦ ਦੀ ਡੰਗੋਰੀ ਦੇ ਆਸਰੇ ਨਾਲ ਖੜ੍ਹਨ ਵਾਲਾ ਅਜਿਹਾ ਮਰਦ ਕਿਸੇ ਅਪਾਹਜ ਤੋਂ ਘੱਟ ਨਹੀਂ। ਦਾਜ ਦੀ ਮੰਗ ਵਿਚ ਦਾਗ਼ੀ ਹੋ ਚੁੱਕਾ ਇਨਸਾਨ ਵਿਆਹ ਤੋਂ ਬਾਅਦ ਵੀ ਆਪਣੀ ਪਤਨੀ ਤੋਂ ਪਿਆਰ, ਸਤਿਕਾਰ ਅਤੇ ਇੱਜ਼ਤ ਨਹੀਂ ਲੈ ਸਕਦਾ ਅਤੇ ਉਹ ਕਦੀ ਵੀ ਸੁਹੇਲਾ ਪਤੀ ਨਹੀਂ ਬਣ ਸਕਦਾ। ਸਹੁਰੇ ਘਰ ਵਿਚ ਵੀ ਉਸ ਦੇ ਅਤੀਤ ਦੀ ਕਾਲਖ ਕਦਮ-ਕਦਮ 'ਤੇ ਉਸਦੇ ਪੈਰਾਂ ਨੂੰ ਚਿੰਬੜਦੀ ਰਹਿੰਦੀ ਹੈ ਅਤੇ ਰਿਸ਼ਤੇਦਾਰੀ ਵਿਚ ਉਸ ਦਾ ਟੌਹਰ ਟਪੱਕਾ, ਮਾਣ-ਇੱਜ਼ਤ ਕਦੀ ਦੂਸਰੇ ਬੇਦਾਗ਼ ਜਵਾਈ ਦੇ ਬਰਾਬਰ ਨਹੀਂ ਹੋ ਸਕਦਾ। ਸ਼ਰਮਾ ਜੀ ਨੂੰ ਦੇਖ ਲਵੋ ਆਪਣੇ ਬਿਜਲੀ ਬੋਰਡ ਵਾਲੇ ਜਵਾਈ 'ਤੇ ਜਾਨ ਦਿੰਦੇ ਹਨ। ਦੋ ਸਾਲ ਦੀ ਆਪਣੀ ਦੋਹਤੀ ਨੂੰ ਤੋਤੇ ਵਾਂਗ ਆਪਣੀ ਬਾਂਹ 'ਤੇ ਬਿਠਾਈ ਫਿਰਦੇ ਰਹਿੰਦੇ ਹਨ, ਜਦ ਕਿ ਦੂਜੇ ਸ਼ਾਹਤਲਾਈ ਵਾਲੇ ਨੂੰ ਤਾਂ ਉਹ ਕ੍ਰੋਸੀਨ ਵਾਂਗੂੰ ਬੁਖਾਰ ਚੜ੍ਹੇ 'ਤੇ ਹੀ ਵਰਤਦੇ ਹਨ।




ਦਾਜ ਦੀ ਇਸ ਕੁਰੀਤੀ ਦੇ ਵਿਰੁੱਧ ਅੱਜ ਤੱਕ ਗੱਲਾਂ ਤਾਂ ਬਹੁਤ ਹੋਈਆਂ ਪਰ ਉਪਾਅ ਕੁਝ ਨਹੀਂ, ਕਿਉਂ ਜੋ ਇਸ ਵਿਚ ਲੜਕੀ ਵਰਗ ਦੇ ਸਹਿਯੋਗ ਦੀ ਕਮੀ ਰਹੀ ਹੈ। ਔਰਤਾਂ ਵਿਚ ਪੜ੍ਹਾਈ-ਲਿਖਾਈ ਦੇ ਪ੍ਰਸਾਰ ਦੇ ਬਾਵਜੂਦ ਬੜੀ ਕਸਰ ਹੈ ਅਜੇ ਔਰਤ ਨੂੰ ਮਰਦ ਦੇ ਬਰਾਬਰ ਆਉਣ ਵਿਚ। ਅਜੇ ਵੀ ਔਰਤ ਦਾ ਵਿਆਹ ਦੇ ਮੁੱਦੇ 'ਤੇ ਪਸ਼ੂਆਂ ਵਾਂਗ ਮੁੱਲ ਪੈਂਦਾ ਹੈ, ਦਾਜ ਦਹੇਜ ਖ਼ਾਤਰ ਅਜੇ ਵੀ ਜ਼ੁਲਮ ਜਾਰੀ ਹਨ, ਸਾਡੀਆਂ ਧੀਆਂ 'ਤੇ। ਹੁਣ ਹੈ ਮੌਕਾ ਕੁਝ ਕਰਨ ਦਾ, ਹੌਸਲਾ ਦਿਖਾਉਣ ਦਾ। ਆਪਣੀ ਨਾ ਸੋਚੋ, ਆਪਣੇ ਪਰਿਵਾਰ ਦੀ ਨਾ ਸੋਚੋ, ਚਾਚੀ ਦੀ ਨਾ ਸੁਣੋ, ਮਾਸੀ ਦੀ ਨਾ ਮੰਨੋ, ਬਸ ਡਟ ਜਾਓ ਸਮੁੱਚੇ ਇਸਤਰੀ ਵਰਗ ਲਈ, ਬਰਾਬਰਤਾ ਲਈ ਅਤੇ ਇਸਤਰੀ ਦੀ ਸ਼ਾਨ ਲਈ। ਠੋਕ ਵਜਾ ਕੇ ਜਵਾਬ ਦੇ ਦਿਓ ਦਾਜ ਦੇ ਲੋਭੀਆਂ ਨੂੰ। ਦਾਜ ਦੀ ਮੰਗ ਜੋ ਅੱਜ ਵਿਆਹ ਤੋਂ ਪਹਿਲਾਂ ਉਭਰੀ ਹੈ, ਇਹ ਜ਼ਿੰਦਗੀ ਭਰ ਤੁਹਾਡਾ ਪਿੱਛਾ ਨਹੀਂ ਛੱਡ ਸਕਦੀ। ਆਪਣਾ ਜੀਵਨ ਸਾਥੀ ਬੇਦਾਗ਼ ਇਨਸਾਨ ਨੂੰ ਚੁਣੋ। ਲਾਲਚ ਦਾ ਕੋਈ ਅੰਤ ਨਹੀਂ ਹੁੰਦਾ। ਇਸ ਦਾ ਵਧਣਾ ਯਕੀਨੀ ਹੈ, ਘਟਣਾ ਨਹੀਂ।



ਵਿਆਹਾਂ ਵਿਚ ਫਜ਼ੂਲ ਖਰਚੀ ਵੀ ਇਸੇ ਤਰ੍ਹਾਂ ਦੇ ਉਜਾੜੇ ਦਾ ਦੂਜਾ ਰੂਪ ਹੈ ਅਤੇ ਇਸ ਸਮੱਸਿਆ ਨੂੰ ਨੱਥ ਪਾਉਣ ਵਿਚ ਵੀ ਨਵੀਂ ਪੀੜ੍ਹੀ ਬੜਾ ਸਹਿਯੋਗ ਦੇ ਸਕਦੀ ਹੈ। ਅੱਜਕਲ੍ਹ ਦੇ ਪੜ੍ਹੇ-ਲਿਖੇ ਬੱਚੇ ਨਵ-ਸਮਾਜ ਦੇ ਨਿਰਮਾਣ ਵਿਚ ਆਪਣੀ ਜ਼ਿੰਮੇਵਾਰੀ ਪ੍ਰਤੀ ਪੂਰੇ ਜਾਗਰੂਕ ਹਨ। ਮਹਿੰਗਾਈ ਦੇ ਇਸ ਯੁੱਗ ਵਿਚ ਭਲਾ ਕਿੰਨੇ ਕੁ ਜੋੜੇ ਐਸੇ ਹਨ ਜੋ ਇਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਵਿਆਹ ਵਿਚ ਹਜ਼ਾਰ ਦੋ ਹਜ਼ਾਰ ਬੰਦੇ ਦਾ ਇਕੱਠ ਹੋਵੇ, ਲੱਖਾਂ, ਕਰੋੜਾਂ ਰੁਪਏ ਉਨ੍ਹਾਂ ਦੀ ਸੇਵਾ 'ਤੇ ਖਰਚ ਕੀਤੇ ਜਾਣ, ਵਿਆਹ ਦੇ ਖੁੱਲ੍ਹੇ ਪੰਡਾਲ ਹੋਣ, ਇਕ ਦਰਵਾਜ਼ੇ ਲੋਕ ਵੜਦੇ ਆਉਣ, ਕੁੱਕੜ ਖਾਣ, ਸ਼ਰਾਬਾਂ ਪੀਣ ਤੇ ਦੂਜੇ ਦਰਵਾਜ਼ੇ ਨਿਕਲਦੇ ਜਾਣ, ਗਾਉਣ ਵਾਲੇ ਗਾਈ ਜਾਣ ਤੇ ਨੱਚਣ ਵਾਲੇ ਨੱਚੀ ਜਾਣ, ਪੰਦਰਾਂ ਵੀਹ ਦਿਨ ਵਿਆਹ ਦਾ ਧੰਬੜ-ਧੱਸਾ ਚਲਦਾ ਰਹੇ, ਇਕ ਤੋਂ ਬਾਅਦ ਦੂਜੀ ਰਸਮ ਤੇ ਦੂਜੀ ਤੋਂ ਬਾਅਦ ਤੀਜੀ ਹੁੰਦੀ ਰਹੇ। ਕਾਰਡ ਇਕ ਨੂੰ ਜਾਂਦਾ ਹੈ, ਆਉਂਦੇ ਹਨ ਚਾਰ-ਪੰਜ, ਛੇ-ਸੱਤ ਜਣੇ, ਅੱਧੋਂ ਵੱਧ ਲੋਕ ਐਸੇ ਜਿਨ੍ਹਾਂ ਨੂੰ ਨਾ ਕੁੜੀ ਵਾਲੇ ਜਾਣਦੇ-ਪਹਿਚਾਣਦੇ ਹਨ, ਨਾ ਮੁੰਡੇ ਵਾਲੇ। ਤੌਬਾ! ਇਹ ਇੰਨਾ ਵੱਡਾ ਇਕੱਠ, ਇੰਨੀਆਂ ਜ਼ਿਆਦਾ ਰਸਮਾਂ, ਇੰਨਾ ਮੋਟਾ ਖਰਚ ਜੇ ਵਿਆਹ ਵਾਲੀ ਜੋੜੀ ਨਹੀਂ ਚਾਹੁੰਦੀ ਤਾਂ ਇਹ ਸਭ ਕੁਝ ਕਿਸਦੀ ਮਰਜ਼ੀ 'ਤੇ ਹੋ ਰਿਹਾ ਹੈ? ਕੀ ਅਸੀਂ ਸੱਚਮੁੱਚ ਹੀ ਏਨੇ ਅਮੀਰ ਹੋ ਗਏ ਹਾਂ ਜਿੱਡਾ ਦਿਖਾਵਾ ਕਰਦੇ ਹਾਂ? ਦੇਖਦਿਆਂ-ਦੇਖਦਿਆਂ ਸਾਡੇ ਮਾਹੌਲ ਵਿਚ ਇੰਨੀ ਵੱਡੀ ਤਬਦੀਲੀ? ਕਿਆ ਸਾਦਗੀ ਸੀ ਜਦ ਵਿਆਹ ਘਰੇਲੂ ਮਾਹੌਲ ਵਿਚ ਹੋਇਆ ਕਰਦੇ ਸੀ। ਘਰਾਂ ਵਿਚ ਹੀ ਕਰ ਲਿਆ ਜਾਂਦਾ ਸੀ ਰਿਸ਼ਤੇਦਾਰਾਂ ਦਾ ਇਕੱਠ। ਹਲਵਾਈ ਲਗਦੇ ਸੀ ਘਰਾਂ ਵਿਚ। ਲੱਡੂ, ਸੀਰਨੀ, ਪਕੌੜੇ ਵਰਤਾਏ ਜਾਂਦੇ ਸਨ, ਕੀ ਘਰ ਦੇ ਤੇ ਕੀ ਬਰਾਤ ਵਾਲੇ। ਦਰੱਖਤਾਂ ਦੀਆਂ ਛਾਂਵਾਂ ਹੇਠ ਬਹਿ ਕੇ ਬਰਾਤੀ ਦੁਪਹਿਰਾ ਕੱਟ ਲੈਂਦੇ, ਘੁੱਟ ਲਾਉਣਾ ਵੀ ਹੋਵੇ ਤਾਂ ਪਰਦੇ ਨਾਲ। ਛੱਤ ਵਾਲਾ ਲਾਊਡ ਸਪੀਕਰ, 'ਲੈਜਾ ਛੱਲੀਆਂ ਭੁੰਨਾਂ ਲਈਂ ਦਾਣੇ ਵੇ ਮਿੱਤਰਾ ਦੂਰ ਦਿਆ', ਮੋਹਰੇ-ਮੋਹਰੇ ਬਾਜੇ ਵਾਲੇ ਤੇ ਪਿੱਛੇ-ਪਿੱਛੇ ਬਰਾਤੀ। ਰੋਟੀ ਘੰਟਿਆਂਬੱਧੀ ਪਛੜ ਕੇ ਮਿਲਣੀ, ਅਖੇ ਮੀਟ ਨਹੀਂ ਬਣਿਆ ਅਜੇ। ਬਰਾਤਾਂ ਰਾਤ ਕੱਟ ਕੇ ਮੁੜਦੀਆਂ ਸਨ। ਗੁਆਂਢੀਆਂ ਦੇ ਘਰਾਂ ਵਿਚੋਂ ਮੰਜੇ ਬਿਸਤਰੇ ਮੰਗ ਕੇ ਲਿਆਏ ਜਾਂਦੇ ਸਨ ਅਤੇ ਸਾਰੇ ਪਿੰਡ ਦੇ ਚੁਬਾਰੇ ਬੈਠਕਾਂ ਵਿਆਹ ਵਾਲੇ ਪ੍ਰਾਹੁਣਿਆਂ ਦੇ ਰਹਿਣ ਤੇ ਆਰਾਮ ਕਰਨ ਲਈ ਕੁਝ ਦਿਨ ਪਹਿਲਾਂ ਤੋਂ ਹੀ ਖਾਲੀ ਕਰਵਾ ਲਏ ਜਾਂਦੇ ਸਨ। ਫਿਰ ਦੇਖੋ-ਦੇਖੀ ਵੱਡੇ ਕੱਦ-ਕਾਠ ਵਾਲੇ ਵਿਆਹਾਂ ਦੀ ਪਲੇਗ ਫੈਲੀ ਤੇ ਗੱਲ ਪਹੁੰਚੀ ਮੈਰਿਜ ਪੈਲਿਸਾਂ ਤੱਕ ਅਤੇ ਰੈਡੀਮੇਡ ਵਿਆਹਾਂ ਤੱਕ।



ਖਾੜਕੂਵਾਦ ਦੇ ਦਿਨਾਂ ਵਿਚ ਇਸ ਕੁਰੀਤੀ 'ਤੇ ਜਦ ਨਕੇਲ ਪਈ ਤਾਂ ਇਹ ਸ਼ੇਰ ਕੰਨ 'ਚ ਪਾਏ ਨਹੀਂ ਰੜਕੇ। ਦਸ-ਦਸ ਬੰਦਿਆਂ ਦੀ ਬਰਾਤ ਲਿਜਾ ਕੇ, ਬਿਨਾਂ ਕੋਈ ਦਾਜ-ਦਹੇਜ ਲੈਣ-ਦੇਣ ਦੇ, ਬੜੇ ਸੋਹਣੇ ਸਾਦੇ ਵਿਆਹ ਭੁਗਤਣ ਲੱਗ ਪਏ ਸਨ। ਬਰਾਤ ਦੇ ਖਾਣੇ ਵਿਚ ਇਕ ਦਾਲ, ਇਕ ਸਬਜ਼ੀ, ਇਕ ਮਿਸ਼ਠਾਨ ਤੇ ਉਸ ਤੋਂ ਅੱਗੇ ਬਸ। ਬਹੁਤੀ ਦੇਰ ਨਹੀਂ ਪਚ ਸਕੀ ਸਾਨੂੰ ਇਹ ਭੱਲ ਤੇ ਅੱਜ ਹਾਲਤ ਇਹ ਹੈ ਕਿ ਮੇਲੇ ਲਗਦੇ ਹਨ, ਵਿਆਹਾਂ 'ਤੇ। ਭੀੜ ਵਿਚ ਨਾਲ ਦਾ ਸਾਥੀ ਵਿਛੜ ਜਾਵੇ ਤਾਂ ਹਿੰਮਤ ਦਾ ਕੰਮ ਹੈ, ਉਸ ਨੂੰ ਲੱਭਣਾ, ਖਾਣੇ ਏਨੀਆਂ ਕਿਸਮਾਂ ਦੇ ਕਿ ਆਪਣੀਆਂ ਹੀ ਅੱਖਾਂ 'ਤੇ ਯਕੀਨ ਨਹੀਂ ਆਉਂਦਾ। ਸੜਕਾਂ ਦੇ ਕਿਨਾਰੇ ਬੇਗਿਣਤ ਖੜ੍ਹੀਆਂ ਕਾਰਾਂ ਵਿਚੋਂ ਆਪਣੀ ਕਾਰ ਕੱਢਣ ਲਈ ਕਈ-ਕਈ ਘੰਟੇ ਲੱਗ ਜਾਂਦੇ ਹਨ। ਕੀ ਸੋਚ ਕੇ ਅਸੀਂ ਕਰਦੇ ਜਾ ਰਹੇ ਹਾਂ ਇਹ ਸਭ ਕੁਝ? ਕਿਸ ਦੇ ਸਿਰ 'ਤੇ ਪੈਣਾ ਹੈ ਇਸ ਬੇਲੋੜੇ ਯੱਗ ਦਾ ਖਰਚਾ? ਕੀ ਫਾਇਦਾ ਹੋਇਆ ਅੱਡੀਆਂ ਚੁੱਕ ਕੇ ਇਹ ਫਾਹਾ ਲੈਣ ਦਾ? ਗੱਲ ਵਿਚੋਂ ਇਹ ਨਿਕਲੀ ਕਿ ਪਿਛਲੇ ਸਾਲ ਇਕ ਵਿਆਹ ਵਾਲੀ ਲੜਕੀ ਦਾ ਤਾਇਆ ਅਮਰੀਕਾ ਤੋਂ ਆ ਕੇ ਆਪਣੀ ਲੜਕੀ ਦਾ ਵਿਆਹ ਰਚਾ ਕੇ ਗਿਆ ਹੈ। ਬੜੀ ਧੂਮ-ਧਾਮ ਨਾਲ ਕਹਿੰਦੇ ਨੇ ਹੋਈ ਸੀ ਉਹ ਸ਼ਾਦੀ। ਵਿਦੇਸ਼ ਵਿਚੋਂ ਚਾਲੀ ਮਹਿਮਾਨ ਆਏ ਸਨ, ਉਸ ਵਿਆਹ ਵਿਚ ਸਿਰਫ਼ ਸ਼ਾਮਲ ਹੋਣ ਲਈ। ਅੰਤਰਦੇਸ਼ੀ ਖਾਣੇ ਚੰਡੀਗੜ੍ਹ ਤੋਂ ਬਣੇ ਬਣਾਏ ਆਏ ਸਨ, ਸਜਾਵਟ ਵਾਲੇ ਫੁੱਲ ਬੰਗਲੌਰ ਤੋਂ, ਕਾਕਟੇਲ ਦੀ ਸੇਵਾ ਮੇਮਾਂ ਨੇ ਭੁਗਤਾਈ, ਪ੍ਰਾਹੁਣਿਆਂ 'ਤੇ ਫੁੱਲ ਵਰਖਾ ਤੇ ਅਤਰ ਫਲੇਲ ਛਿੜਕਾਏ ਗਏ, ਦੋ ਕਾਰਾਂ ਜਿੰਨੀ ਲੰਬੀ ਕਾਰ ਤੇ ਚੜ੍ਹ ਕੇ ਆਇਆ ਸੀ ਲਾੜੇ ਦਾ ਪਰਿਵਾਰ ਤੇ ਅੱਜ ਤੱਕ ਗੱਲਾਂ ਹੁੰਦੀਆਂ ਨੇ ਉਸ ਵਿਆਹ ਦੀਆਂ ਕੁੱਲ ਇਲਾਕੇ ਵਿਚ। ਤੇ ਹੁਣ ਵਾਰੀ ਆਈ ਤਾਏ ਦੇ ਛੋਟੇ ਭਰਾ ਦੀ। ਹਲਕਾ ਜਿਹਾ ਕਾਰੋਬਾਰ ਹੈ ਇਸ ਹਮਾਤੜ੍ਹ ਦਾ ਪਰ ਕੀ ਕਹਿਣਗੇ ਰਿਸ਼ਤੇਦਾਰ, ਕੀ ਕਹਾਂਗੇ ਪਿੰਡ ਵਾਲਿਆਂ ਨੂੰ, ਚੜ੍ਹ ਗਿਆ ਸੂਲੀ 'ਤੇ ਵਿਚਾਰਾ, ਚਲਾ ਦਿੱਤੀਆਂ ਆਤਿਸ਼ਬਾਜ਼ੀਆਂ, ਨਹੀਂ ਸੋਚਿਆ ਕੱਲ੍ਹ ਨੂੰ ਦਾਲ-ਫੁਲਕਾ ਕਿੱਥੋਂ ਤੋਰਨਾ ਹੈ, ਹੁਣ ਵੀਹ ਸਾਲ ਲੱਗਣਗੇ ਉਸ ਨੂੰ ਪੈਰਾਂ 'ਤੇ ਆਉਣ ਨੂੰ। ਤਾਂ ਫਿਰ ਕੌਣ ਹੈ ਦੋਸ਼ੀ ਇਸ ਕਾਂਡ ਦਾ? ਪਤਾ ਸਭ ਨੂੰ ਹੈ ਪਰ ਜੇ ਮੈਨੂੰ ਹੀ ਬੁਰਾ ਬਣਾਉਣਾ ਹੈ ਤਾਂ ਜਵਾਬ ਹੈ ਸਾਡੀ ਬਜ਼ੁਰਗ ਪੀੜ੍ਹੀ। ਬਾਬਾ ਦਾਦੀ ਵਾਲੀ ਪੀੜ੍ਹੀ ਨਹੀਂ ਮਾਂ-ਬਾਪ ਵਾਲੀ ਪੀੜ੍ਹੀ। ਜ਼ਮਾਨਾ ਚਾਹੇ ਕਿੰਨਾ ਵੀ ਬਦਲਿਆ, ਪਰ ਸਾਡੇ ਵਿਆਹ, ਸ਼ਾਦੀ ਵਰਗੇ ਅਹਿਮ ਫ਼ੈਸਲੇ ਅਜੇ ਵੀ ਬਜ਼ੁਰਗਾਂ ਦੇ ਹੱਥੀਂ ਹਨ, ਰਿਸ਼ਤੇ ਬਜ਼ੁਰਗਾਂ ਦੇ ਮੂੰਹ ਨੂੰ ਆਉਂਦੇ ਹਨ। ਇਹੀ ਕਾਰਨ ਹੈ ਕਿ ਵਿਆਹ ਵਰਗਾ ਨਾਜ਼ਕ ਰਿਸ਼ਤਾ ਬਜ਼ੁਰਗਾਂ ਨੇ ਆਪਣੇ ਸਿੰਗਾਂ 'ਤੇ ਚੁੱਕਿਆ ਹੋਇਆ ਹੈ। ਦੋਵੇਂ ਪਾਸਿਆਂ ਦੇ ਬਜ਼ੁਰਗ, ਪਿਤਾ ਵੀ ਮਾਤਾ ਵੀ, ਨਾਨਕੇ, ਦਾਦਕੇ ਵਿਆਹ ਨੂੰ ਇਕ ਯੁੱਧ ਵਾਂਗੂੰ ਲੈਂਦੇ ਹਨ ਅਤੇ ਖੁੱਲ੍ਹ ਕੇ ਸ਼ਕਤੀ ਪ੍ਰਦਰਸ਼ਨ ਕਰਦੇ ਹਨ। ਵਿਆਹ ਵਾਲੇ ਜੋੜੇ ਦੀ ਆਪਣੀ ਮਾਇਕ ਹਾਲਤ ਇੰਨੀ ਮਜ਼ਬੂਤ ਨਹੀਂ ਹੁੰਦੀ ਕਿ ਵਿਆਹ ਦੀ ਰਸਮ ਵਿਚ ਉਹ ਇਸ ਕਾਣੇ ਦੇਅ ਨਾਲ ਜੱਫੀਆਂ ਪਾ ਸਕਣ।



ਬਜ਼ੁਰਗਾਂ ਦਾ ਅਸ਼ੀਰਵਾਦ ਬੜਾ ਵਡਮੁੱਲਾ ਹੈ ਬੇਸ਼ੱਕ, ਮਰੀਜ਼ ਦੀ ਜਾਨ ਬਚਾਉਣ ਲਈ ਕਈ ਵਾਰ ਲੱਤ ਬਾਂਹ ਵਰਗੇ ਕੀਮਤੀ ਅੰਗ ਕੱਟਣੇ ਪੈ ਜਾਂਦੇ ਹਨ, ਬਿਜਲੀ ਦੇ ਝਟਕੇ ਦੇਣੇ ਪੈਂਦੇ ਹਨ। ਸੋਨਾ ਜਦ ਕੰਨਾਂ ਨੂੰ ਖਾਣ ਲੱਗ ਜਾਵੇ ਤਾਂ ਉਸ ਨੂੰ ਉਤਾਰ ਸੁੱਟਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਇਸ ਮਹਾਂਕੁਰੀਤੀ ਦੇ ਜ਼ਿੰਮੇਵਾਰਾਂ ਨੂੰ ਕੁਝ ਝਟਕਾ ਦੇਣਾ ਸਮੇਂ ਦੀ ਮੰਗ ਬਣ ਚੁੱਕੀ ਹੈ। ਧਾਰਮਿਕ ਜਾਂ ਸਮਾਜ ਭਲਾਈ ਸੰਸਥਾਵਾਂ ਵੱਲੋਂ ਚਲਾਈ ਗਈ ਸਮੂਹਿਕ ਵਿਆਹਾਂ ਦੀ ਪ੍ਰੰਪਰਾ ਇਨ੍ਹਾਂ ਅਮੀਰਾਂ ਨੇ ਅਜੇ ਤੱਕ ਨਹੀਂ ਅਪਣਾਈ ਹੈ। ਇਕ ਵੱਖਰੀ ਹੀ ਖਲਾਅ ਦੀ ਦੁਨੀਆ ਵਿਚ ਜਾ ਅੱਪੜੇ ਹਨ ਇਹ ਲੋਕ ਜਿਥੋਂ ਕਿ ਵਾਪਸ ਲਿਆਉਣ ਲਈ ਇਨ੍ਹਾਂ ਨੂੰ ਮਜ਼ਬੂਤ ਰੱਸਿਆਂ ਨਾਲ ਖਿੱਚਣਾ ਪਵੇਗਾ। ਢੁੱਠਾਂ ਵਾਲੇ ਸਾਨ੍ਹਾਂ ਦਾ ਭੇੜ ਬਣ ਗਿਆ ਹੈ ਅੱਜ ਦਾ ਵਿਆਹ। ਕਾਨੂੰਨਾਂ, ਟੈਕਸ ਵਾਲਿਆਂ, ਸਮਾਜ ਵੱਲੋਂ ਇਨ੍ਹਾਂ ਨੂੰ ਖੁੱਲ੍ਹੀਆਂ ਛੁੱਟੀਆਂ ਹਨ। ਕਹਿੰਦੇ ਸਾਨ੍ਹਾਂ ਦੇ ਨੱਥ ਨਹੀਂ ਪਾਉਣੀ ਬਣਦੀ। ਧੰਨੇ ਭਗਤ ਵਾਂਗੂੰ ਇਹ ਤਾਂ ਹੁਣ ਰੱਬ ਨੂੰ ਲੱਭ ਕੇ ਹੀ ਮੁੜਨਗੇ। ਰੱਬ ਜੇ ਇਨ੍ਹਾਂ ਨੂੰ ਲੱਭ ਵੀ ਪਿਆ ਤਾਂ ਇਨ੍ਹਾਂ ਇਹੀ ਕਹਿਣਾ ਹੈ ਕਿ ਮੇਰੇ ਮੁੰਡੇ ਦੇ ਵਿਆਹ 'ਤੇ ਜ਼ਰੂਰ ਆਇਓ। ਧਰਮਰਾਜ, ਯਮਰਾਜ ਭਰਾਵਾਂ ਨੂੰ ਵੀ ਲਿਆਇਆ ਜੇ, ਖੁਸ਼ੀ ਦੇ ਮੌਕੇ ਭਰਾਵਾਂ ਨਾਲ ਹੀ ਸ਼ੋਭਦੇ ਨੇ, ਬਹਿਜਾ ਬਹਿਜਾ ਹੋਜੂ ਰੱਬ ਜੀ ਸ਼ਰੀਕੇ ਵਿਚ ਸਾਡੀ। ਕਹਿਣਾ ਮੈਂ ਇਹ ਚਾਹੁੰਦਾ ਹਾਂ ਕਿ ਜਦ ਤੱਕ ਵਿਆਹ-ਸ਼ਾਦੀ ਦੇ ਫ਼ੈਸਲਿਆਂ 'ਤੇ ਮਾਂ-ਬਾਪ ਵਰਗ ਦਾ ਕਬਜ਼ਾ ਬਣਿਆ ਰਹੇਗਾ, ਸ਼ਕਤੀ ਪ੍ਰਦਰਸ਼ਨ, ਫਜ਼ੂਲ ਖਰਚੀ, ਦਲੀ ਤੇ ਮਲੀ, ਦਾਜ-ਦਹੇਜ ਅਤੇ ਘੜਮੱਸ ਦਾ ਸਿਲਸਿਲਾ ਯੂੰ ਕਾ ਯੂੰ ਬਣਿਆ ਰਹੇਗਾ ਜੀ। ਆਪਣੀ ਇਸ ਰਚਨਾ ਵਿਚ ਆਪਾਂ ਦੋ ਕੁਰੀਤੀਆਂ ਨੂੰ ਖੁਰਚਿਆ ਹੈ। ਯਾਦ ਰਹੇ ਕਿ ਇਹ ਦੋਵੇਂ ਕੁਰੀਤੀਆਂ ਭਰੂਣ ਹੱਤਿਆ, ਆਤਮਦਾਹ ਅਤੇ ਦਾਜ ਦੀ ਖਾਤਰ ਹੁੰਦੇ ਕਤਲ ਵਰਗੇ ਵਿਨਾਸ਼ ਦੀਆਂ ਜਨਮਦਾਤੀਆਂ ਹਨ।

ਪੀ. ਐਸ. ਗਿੱਲ

-ਪਿੰਡ ਥੰਮ੍ਹਣਵਾਲ। ਫੋਨ : 98722-56005
Share this article :

Post a Comment

 
Support : Creating Website | Johny Template | Mas Template
Copyright © 2011. Davinder Singh Ghaloti - All Rights Reserved
Template Created by Creating Website Published by Mas Template
Proudly powered by Blogger